ਪੰਜਾਬ ਯੂਨੀਵਰਸਿਟੀ – ਲਾਹੌਰ ਤੋਂ ਚੰਡੀਗੜ੍ਹ ਤਕ

Standard

ਲਾਹੌਰ ਸਥਿਤ ਪੰਜਾਬ ਯੂਨੀਵਰਸਿਟੀ ਦਾ ਪੁਰਾਣਾ ਕੈਂਪਸ।

ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ 14 ਅਕਤੂਬਰ 1882 ਨੂੰ ਹੋਂਦ ਵਿੱਚ ਆਈ। ਕਲਕੱਤਾ ਯੂਨੀਵਰਸਿਟੀ (24 ਜਨਵਰੀ 1857), ਬੰਬਈ ਯੂਨੀਵਰਸਿਟੀ (24 ਜੁਲਾਈ 1857) ਅਤੇ ਮਦਰਾਸ ਯੂਨੀਵਰਸਿਟੀ (5 ਸਤੰਬਰ 1857) ਮਗਰੋਂ ਇਹ ਦੇਸ਼ ਦੀ ਚੌਥੀ ਯੂਨੀਵਰਸਿਟੀ ਬਣੀ। ਇਸ ਮਗਰੋਂ ਅਲਾਹਾਬਾਦ ਯੂਨੀਵਰਸਿਟੀ 16 ਨਵੰਬਰ 1889 ਨੂੰ ਹੋਂਦ ਵਿੱਚ ਆਈ।
ਭਾਰਤ ਵਿੱਚ ਉਚੇਰੀ ਸਿੱਖਿਆ ਦੇ ਉਥਾਨ ਦੀ ਕਹਾਣੀ ਦਿਲਚਸਪ ਹੈ। 1904 ਤਕ ਸਾਰੀਆਂ ਯੂਨੀਵਰਸਿਟੀਆਂ ਦੇ ਆਪੋ ਆਪਣੇ ਵੱਖ ਵੱਖ ਕਾਨੂੰਨ ਸਨ। 1904 ਵਿੱਚ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਭਾਰਤੀ ਯੂਨੀਵਰਸਿਟੀਆਂ ਸਬੰਧੀ ਕਾਨੂੰਨ V99 ਹੇਠ ਲਿਆਂਦਾ ਗਿਆ। ਇਨ੍ਹਾਂ ਪੰਜ ਯੂਨੀਵਰਸਿਟੀਆਂ ਵਿੱਚ ਪੁਰਾਣੇ ਕੁਝ ਨਿਯਮ ਹਾਲੇ ਤਕ ਲਾਗੂ ਹਨ। ਇਨ੍ਹਾਂ ਸੰਸਥਾਵਾਂ ਵਿੱਚ ਸੈਨੇਟ ਅਤੇ ਸਿੰਡੀਕੇਟ ਚੁਣੇ ਜਾਣ ਦੀ ਰਵਾਇਤ ਹਾਲੇ ਵੀ ਕਾਇਮ ਹੈ। 1947 ਤਕ ਬ੍ਰਿਟਿਸ਼ਾਂ ਨੇ ਭਾਰਤ ਵਿੱਚ 496 ਕਾਲਜ ਅਤੇ 21 ਯੂਨੀਵਰਸਿਟੀਆਂ ਕਾਇਮ ਕੀਤੀਆਂ। ਦੇਸ਼ ਵੰਡ ਤੋਂ ਬਾਅਦ ਦੇ ਭਾਰਤ ਵਿੱਚ ਹੁਣ ਤਕ 750 ਯੂਨੀਵਰਸਿਟੀਆਂ ਹੋਂਦ ਵਿੱਚ ਆ ਚੁੱਕੀਆਂ ਹਨ ਅਤੇ 35,000 ਤੋਂ ਵੀ ਵਧੇਰੇ ਕਾਲਜ ਹਨ।
ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਬ੍ਰਿਟਿਸ਼ਾਂ ਨੇ ਭਾਰਤ ਵਿੱਚ ਉਚੇਰੀ ਸਿੱਖਿਆ ਦੇ ਪਸਾਰ ਲਈ 1 ਜਨਵਰੀ 1864 ਨੂੰ ਲਾਹੌਰ ਵਿੱਚ ਸਰਕਾਰੀ ਕਾਲਜ ਸਥਾਪਿਤ ਕੀਤਾ। ਧਿਆਨ ਸਿੰਘ ਹਵੇਲੀ ਨੂੰ ਕਾਲਜ ਦੀ ਇਮਾਰਤ ਵਜੋਂ ਵਰਤਿਆ ਗਿਆ। 1869 ਵਿੱਚ ਇਸ ਦਾ ਨਾਂ ਲਾਹੌਰ ਯੂਨੀਵਰਸਿਟੀ ਕਾਲਜ ਰੱਖਿਆ ਗਿਆ ਜੋ ਮਗਰੋਂ ਪੰਜਾਬ ਯੂਨੀਵਰਸਿਟੀ ਕਾਲਜ, ਲਾਹੌਰ ਹੋ ਗਿਆ। ਤੇਰ੍ਹਾਂ ਵਰ੍ਹੇ ਚੱਲੀ ਮੁਹਿੰਮ ਮਗਰੋਂ ਹੀ ਇਸ ਕਾਲਜ ਨੂੰ 14 ਅਕਤੂਬਰ 1882 ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ।

ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ।

ਇਸ ਦੌਰਾਨ 1870 ਵਿੱਚ ਓਰੀਐਂਟਲ ਕਾਲਜ, ਲਾਹੌਰ ਸਥਾਪਿਤ ਕੀਤਾ ਗਿਆ। ਇਸ ਵਿੱਚ ਸੰਸਕ੍ਰਿਤ, ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ ਵਰਗੀਆਂ ਭਾਰਤੀ ਭਾਸ਼ਾਵਾਂ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ। ਓਰੀਐਂਟਲ ਕਾਲਜ ਵਿੱਚ 1879 ਵਿੱਚ ਪੰਜਾਬੀ ਵਿਭਾਗ ਸ਼ੁਰੂ ਕੀਤਾ ਗਿਆ। ਦੇਸ਼ਵੰਡ ਮਗਰੋਂ ਇਸ ਦਾ ਨਾਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵਿਭਾਗ ਰੱਖਿਆ ਗਿਆ। ਕਾਲਜ ਵਿੱਚ 1983 ਤਕ ਹਿੰਦੀ ਵਿਭਾਗ ਵੀ ਚੱਲਦਾ ਰਿਹਾ।
ਪੰਜਾਬ ਦਾ ਗਵਰਨਰ ਸਰ ਚਾਰਲਸ ਅੰਫਰਸਟਨ ਐਚੀਸਨ ਇਸ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ ਸੀ। ਉਸ ਨੇ ਸਰ ਜੇਮਜ਼ ਬਰੈਡਵੁੱਡ ਲਾਇਲ ਨੂੰ ਪਹਿਲਾ ਉਪ-ਕੁਲਪਤੀ ਨਿਯੁਕਤ ਕੀਤਾ। ਕਿੰਗ’ਜ਼ ਕਾਲਜ, ਲੰਡਨ ਵਿੱਚ ਅਰਬੀ ਦੇ ਪ੍ਰੋਫ਼ੈਸਰ ਗੌਟਲੀਬ ਵਿਲਹੈਮ ਲਾਈਟਨਰ ਨੂੰ 1882 ਵਿੱਚ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਰਜਿਸਟਰਾਰ ਲਾਇਆ ਗਿਆ। ਉਸ ਨੇ ਇਸ ਸੰਸਥਾ ਦੇ ਵਿਕਾਸ ਵਿੱਚ ਉੱਘਾ ਯੋਗਦਾਨ ਪਾਇਆ।

ਚਮਨ ਲਾਲ (ਪ੍ਰੋ.) ਮਾਣਮੱਤਾ ਵਿਰਸਾ

1875 ਵਿੱਚ ਸਥਾਪਿਤ ਕੀਤਾ ਗਿਆ ਮਹਿੰਦਰਾ ਕਾਲਜ, ਪਟਿਆਲਾ ਇਸ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਪਹਿਲਾ ਕਾਲਜ ਸੀ। ਸੇਂਟ ਸਟੀਫਨਜ਼ ਕਾਲਜ, ਦਿੱਲੀ 1881 ਵਿੱਚ ਸਥਾਪਿਤ ਹੋਇਆ। ਪੰਜਾਬ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਇਸ ਦੇ ਫੈਲੋ/ਸੈਨੇਟਰ ਚੁਣਿਆ ਗਿਆ। ਇਨ੍ਹਾਂ ਵਿੱਚ ਕਸ਼ਮੀਰ ਦੇ ਮਹਾਰਾਜਾ ਰਣਬੀਰ ਸਿੰਘ, ਪਟਿਆਲਾ ਦੇ ਮਹਾਰਾਜਾ ਰਾਜਿੰਦਰ ਸਿੰਘ, ਨਾਭਾ ਦੇ ਰਾਜਾ ਹੀਰਾ ਸਿੰਘ, ਕਪੂਰਥਲਾ ਦੇ ਰਾਜਾ ਜਗਤਜੀਤ ਸਿੰਘ, ਜੀਂਦ ਦੇ ਰਾਜਾ ਰਘਬੀਰ ਸਿੰਘ, ਬਹਾਵਲਪੁਰ ਦੇ ਨਵਾਬ ਮੁਹੰਮਦ ਸਦੀਕ ਖ਼ਾਨ, ਮਾਲੇਰਕੋਟਲਾ ਦੇ ਨਵਾਬ ਇਬਰਾਹਿਮ ਖ਼ਾਨ, ਫ਼ਰੀਦਕੋਟ ਦੇ ਰਾਜਾ ਬਿਕਰਮ ਸਿੰਘ, ਮੁਨਸ਼ੀ ਹੁਕਮ ਚੰਦ ਅਤੇ ਸੋਢੀ ਹੁਕਮ ਸਿੰਘ ਜਿਹੇ ਵਿਅਕਤੀ ਸ਼ਾਮਲ ਸਨ। 1907 ਵਿੱਚ ਸਰ ਪੀ.ਸੀ. ਚੈਟਰਜੀ ਇਸ ਦੇ ਪਹਿਲੇ ਭਾਰਤੀ ਉਪ-ਕੁਲਪਤੀ ਬਣੇ ਜਦੋਂਕਿ ਡਾ. ਉਮਰ ਹਯਾਤ ਮਲਿਕ ਦੇਸ਼ ਵੰਡ ਮਗਰੋਂ ਲਾਹੌਰ ਸਥਿਤ ਯੂਨੀਵਰਸਿਟੀ ਦੇ ਪਹਿਲੇ ਉਪ-ਕੁਲਪਤੀ ਸਨ। ਅਖੰਡ ਭਾਰਤ ਵਿੱਚ ਇਸ ਨੇ ਵਿਸ਼ਾਲ ਖਿੱਤੇ ਦੀਆਂ ਵਿੱਦਿਅਕ ਲੋੜਾਂ ਪੂਰੀਆਂ ਕੀਤੀਆਂ। 1922 ਤਕ ਅਣਵੰਡੇ ਪੰਜਾਬ ਸਮੇਤ ਦਿੱਲੀ ਖੇਤਰ ਇਸ ਦੇ ਅਧੀਨ ਆਉਂਦਾ ਸੀ ਜਦੋਂਕਿ 1947 ਤਕ ਜੰਮੂ ਕਸ਼ਮੀਰ, ਬਲੋਚਿਸਤਾਨ ਅਤੇ ਉੱਤਰ-ਪੱਛਮੀ ਸਰਹੱਦੀ ਸੂਬਾ (ਹੁਣ ਖ਼ੈਬਰਪਖ਼ਤੂਨਖਵਾ, ਪਾਕਿਸਤਾਨ) ਵੀ ਇਸ ਦੇ ਅਧੀਨ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦਾ ਲਾਹੌਰ ਵਾਲੀ ਯੂਨੀਵਰਸਿਟੀ ਨਾਲੋਂ ਵਖਰੇਵਾਂ ਕਰਨ ਲਈ ਅੰਗਰੇਜ਼ੀ ਵਿੱਚ ਇਸ ਦੇ ਸ਼ਬਦ ਜੋੜ ਵੱਖਰੇ ਰੱਖੇ ਗਏ, ਪਰ ਇਹ ਸੱਚ ਨਹੀਂ ਹੈ। ਦਰਅਸਲ, ਦੇਸ਼ਵੰਡ ਤੋਂ ਪਹਿਲਾਂ ਇਸ ਦਾ ਨਾਂ ਦੋਵਾਂ ਸ਼ਬਦ ਜੋੜਾਂ ਨਾਲ ਲਿਖਿਆ ਜਾਂਦਾ ਰਿਹਾ ਸੀ।
ਦੇਸ਼ਵੰਡ ਮਗਰੋਂ ਪੰਜਾਬ ਯੂਨੀਵਰਸਿਟੀ ਨੂੰ, ਖ਼ਾਸਕਰ ਚੜ੍ਹਦੇ ਪੰਜਾਬ ਵਾਲੇ ਪਾਸੇ, ਕਾਫ਼ੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਨਾ ਪਿਆ। ਬਟਵਾਰੇ ਸਮੇਂ ਫ਼ੈਸਲਾ ਕੀਤਾ ਗਿਆ ਸੀ ਕਿ ਦੋਵੇਂ ਪੰਜਾਬਾਂ ਵਿੱਚ ਇਮਤਿਹਾਨ ਲੈਣ ਦੀ ਜ਼ਿੰਮੇਵਾਰੀ ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਹੋਵੇਗੀ। ਇਸ ਮੰਤਵ ਲਈ ਰਜਿਸਟਰਾਰ ਮਦਨ ਗੋਪਾਲ ਸਿੰਘ ਸ਼ਿਮਲੇ ਤੋਂ ਲਾਹੌਰ ਗਏ। ਯੂਨੀਵਰਸਿਟੀ ਵਿੱਚ ਮਦਨ ਗੋਪਾਲ ਸਿੰਘ ਦੇ ਦਫ਼ਤਰ ਵਿੱਚ ਹੀ ਨਿੱਜੀ ਸਹਾਇਕ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸੇ ਤਰ੍ਹਾਂ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਬ੍ਰਿਜ ਨਾਰਾਇਣ ਦਾ ਵੀ ਉਨ੍ਹਾਂ ਦੇ ਦਫ਼ਤਰ ਵਿੱਚ ਹੀ ਕਤਲ ਕਰ ਦਿੱਤਾ ਗਿਆ। ਦੋਵਾਂ ਦੇਸ਼ਾਂ ਦਰਮਿਆਨ ਝੁੱਲੀ ਨਫ਼ਰਤ ਦੀ ਹਨੇਰੀ ਕਾਰਨ ਸਰਕਾਰ ਨੇ 27 ਸਤੰਬਰ 1947 ਨੂੰ ਚੜ੍ਹਦੇ ਪੰਜਾਬ ਵਿੱਚ ਵੀ ਇਹ ਯੂਨੀਵਰਸਿਟੀ ਸਥਾਪਿਤ ਕਰਨ ਲਈ ਕਾਨੂੰਨ ਪਾਸ ਕੀਤਾ ਜੋ 1 ਅਕਤੂਬਰ 1947 ਨੂੰ ਹੋਂਦ ਵਿੱਚ ਆਈ। ਗਵਰਨਰ ਸਰ ਚੰਦੂ ਲਾਲ ਤ੍ਰਿਵੇਦੀ ਇਸ ਦੇ ਪਹਿਲੇ ਕੁਲਪਤੀ ਸਨ। ਇਸ ਦਾ ਪ੍ਰਸ਼ਾਸਨ ਸ਼ਿਮਲੇ ਸਥਿਤ ਕੈਂਪ ਤੋਂ ਚਲਾਇਆ ਗਿਆ। 8 ਫਰਵਰੀ 1948 ਤੋਂ 31 ਮਾਰਚ 1949 ਤਕ ਜਸਟਿਸ ਤੇਜਾ ਸਿੰਘ ਨੂੰ ਇਸ ਦਾ ਆਨਰੇਰੀ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ। ਮੌਜੂੁਦਾ ਸਮੇਂ ਪੀਯੂ, ਲਾਹੌਰ ਦੇ ਉਪ ਕੁਲਪਤੀ ਡਾ. ਜ਼ਫ਼ਰ ਮੋਇਨ ਨਾਸਿਰ ਅਤੇ ਪੀਯੂ, ਚੰਡੀਗੜ੍ਹ ਦੇ ਉਪ ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਹਨ। ਆਪਣੀ ਸ਼ੁਰੂਆਤ ਦੇ ਸਮੇਂ ਤੋਂ ਹੁਣ ਤਕ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਬਹੁਤ ਵਿਕਾਸ ਕੀਤਾ ਹੈ। 1947 ਤੋਂ ਬਾਅਦ ਇਸ ਦੇ ਦਫ਼ਤਰ ਸੋਲਨ ਛਾਉਣੀ ਵਿਖੇ ਤਬਦੀਲ ਕਰ ਦਿੱਤੇ ਗਏ ਜਦੋਂਕਿ ਇਸ ਦੇ ਵੱਖ ਵੱਖ ਵਿਭਾਗ ਪੰਜਾਬ ਅਤੇ ਦਿੱਲੀ ਵਿੱਚ ਵੱਖ ਵੱਖ ਥਾਵਾਂ ’ਤੇ ਚਲਦੇ ਰਹੇ। ਇਸ ਮਗਰੋਂ 1960 ਵਿੱਚ ਸਾਰੇ ਵਿਭਾਗ ਚੰਡੀਗੜ੍ਹ ਸਥਿਤ ਕੈਂਪਸ ਵਿੱਚ ਚੱਲਣ ਲੱਗੇ।
ਦੇਸ਼ ਦੀਆਂ ਉੱਘੀਆਂ ਯੂਨੀਵਰਸਿਟੀਆਂ ਦੇ ਬਰਾਬਰ ਦੀ ਕਾਰਗੁਜ਼ਾਰੀ ਦਿਖਾਉਣ ਦੇ ਬਾਵਜੂਦ ਕੇਂਦਰ ਅਤੇ ਸੂਬਾਈ ਸਰਕਾਰਾਂ ਵੱਲੋਂ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਦਿੱਤਾ ਜਾਣ ਵਾਲਾ ਯੂਨੀਵਰਸਿਟੀ ਬਜਟ ਦਾ ਹਿੱਸਾ 40 ਫ਼ੀਸਦੀ ਤੋਂ ਘਟਾ ਕੇ 8 ਫ਼ੀਸਦੀ ਕਰ ਦਿੱਤਾ, ਇਸ 8 ਫ਼ੀਸਦੀ ਰਕਮ ਦੀ ਅਦਾਇਗੀ ਵੀ ਨਹੀਂ ਕੀਤੀ ਜਾ ਰਹੀ। ਕੇਂਦਰ ਸਰਕਾਰ ਇਸ ਦੀਆਂ ਵਿੱਤੀ ਲੋੜਾਂ ਦਾ 92 ਫ਼ੀਸਦੀ ਹਿੱਸਾ ਮੁਹੱਈਆ ਕਰਦੀ ਹੈ, ਪਰ ਇਹ ਵੀ ਸਿਆਸੀ ਕਾਰਨਾਂ ਕਰਕੇ ਇਹ ਸਹਾਇਤਾ ਰੋਕਦੀ ਰਹਿੰਦੀ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਸਿੱਧੇ ਤੌਰ ’ਤੇ ਮਨੁੱਖੀ ਸਰੋਤ ਮੰਤਰਾਲੇ ਦੇ ਕੰਟਰੋਲ ਹੇਠ ਨਹੀਂ ਹੈ।
ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਪੰਜਾਬ ਯੂਨੀਵਰਸਿਟੀ, ਲਾਹੌਰ ਨੇ ਵਧੀਆ ਭੂਮਿਕਾ ਨਿਭਾਈ। 1932 ਦੇ ਯੂਨੀਵਰਸਿਟੀ ਕੈਲੰਡਰ ਵਿੱਚ ਇੱਕ ਘਟਨਾ ਬਾਰੇ 8 ਅਕਤੂਬਰ ਨੂੰ ਕੀਤੀ ਗਈ ਕਾਰਵਾਈ ਦਰਜ਼ ਹੈ। ਦਰਅਸਲ, ਲਾਹੌਰ ਸਾਜ਼ਿਸ਼ ਕੇਸ ਵਿੱਚ ਟ੍ਰਿਬਿਊਨਲ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਦਾ ਵਿਰੋਧ ਸੁਭਾਵਿਕ ਹੀ ਸੀ। ਅੱਠ ਅਕਤੂਬਰ ਨੂੰ ਪੁਲੀਸ ਨੇ ਕਲਾਸਾਂ ਵਿੱਚ ਦਾਖ਼ਲ ਹੋ ਕੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਮਤਾ ਪਾਸ ਕੀਤਾ ਕਿ ਪ੍ਰਿੰਸੀਪਲ ਦੀ ਸਹਿਮਤੀ ਤੋਂ ਬਿਨਾਂ ਪੁਲੀਸ ਕੈਂਪਸ ਵਿੱਖ ਦਾਖ਼ਲ ਨਹੀਂ ਸੀ ਹੋ ਸਕਦੀ!
ਅਫ਼ਸੋਸ ਦੀ ਗੱਲ ਇਹ ਹੈ ਕਿ ਪੀਯੂ, ਚੰਡੀਗੜ੍ਹ ਨੇ ਦੇਸ਼ਵੰਡ ਕਾਰਨ ਪੈਦਾ ਹੋਈ ਨਫ਼ਰਤ ਦਾ ਸ਼ਿਕਾਰ ਹੋਏ ਪ੍ਰੋ. ਐੱਮ.ਜੀ. ਸਿੰਘ ਅਤੇ ਪ੍ਰੋ. ਬ੍ਰਿਜ ਨਾਰਾਇਣ ਦੇ ਨਾਂ ਦੀਆਂ ਤਖ਼ਤੀਆਂ ਤਕ ਨਹੀਂ ਲਾਈਆਂ ਜਿਨ੍ਹਾਂ ਨੂੰ ਪੀਯੂ, ਲਾਹੌਰ ਵਿੱਚ ਉਨ੍ਹਾਂ ਦੇ ਦਫ਼ਤਰਾਂ ਵਿੱਚ ਕਤਲ ਕਰ ਦਿੱਤਾ ਗਿਆ ਸੀ। ਭਗਤ ਸਿੰਘ ਦੇ ਸਾਥੀ ਪ੍ਰੇਮ ਦੱਤ ਵਰਮਾ ਦੀ ਵੀ ਕੋਈ ਯਾਦਗਾਰ ਨਹੀਂ ਹੈ ਜਿਸ ਨੇ ਜੇਲ੍ਹ ਵਿੱਚੋਂ ਰਿਹਾਅ ਹੋਣ ਮਗਰੋਂ ਯੂਨੀਵਰਸਿਟੀ ਵਿੱਚ ਅਧਿਆਪਨ ਕਾਰਜ ਕੀਤਾ। ਪੀਯੂ, ਲਾਹੌਰ ਦੀ ਵੈੱਬਸਾਈਟ ਬੜੇ ਮਾਣ ਨਾਲ ਦਾਅਵਾ ਕਰਦੀ ਹੈ ਕਿ ਨੋਬੇਲ ਪੁਰਸਕਾਰ ਜੇਤੂ ਪਾਕਿਸਤਾਨੀ ਵਿਗਿਆਨੀ ਅਬਦੁਸ ਸਲਾਮ ਅਤੇ ਭਾਰਤੀ ਵਿਗਿਆਨੀ ਹਰਗੋਬਿੰਦ ਖੁਰਾਣਾ ਇੱਥੋਂ ਦੇ ਪੁਰਾਣੇ ਵਿਦਿਆਰਥੀ ਹਨ ਜਦੋਂਕਿ ਪੀਯੂ, ਚੰਡੀਗੜ੍ਹ ਦੀ ਵੈੱਬਸਾਈਟ ਹਰਗੋਬਿੰਦ ਖੁਰਾਣਾ ਦਾ ਜ਼ਿਕਰ ਤਕ ਨਹੀਂ ਕਰਦੀ।
ਪੰਜਾਬ ਯੂਨੀਵਰਸਿਟੀ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ:
– ਉੱਘੇ ਲੇਖਕ ਮੁਲਕ ਰਾਜ ਆਨੰਦ ਅਤੇ ਹਿੰਦੀ ਨਾਵਲਕਾਰ ਤੇ ਆਲੋਚਕ ਹਜ਼ਾਰੀ ਪ੍ਰਸਾਦ ਦਿਵੇਦੀ 1960ਵਿਆਂ ਦੌਰਾਨ ਟੈਗੋਰ ਚੇਅਰ ਦੇ ਪ੍ਰੋਫ਼ੈਸਰ ਰਹੇ।
– ਓਰੀਐਂਟਲ ਕਾਲਜ, ਲਾਹੌਰ ਦੇ ਅਧਿਆਪਕ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਬਾਨੀ ਮੁਖੀ ਡਾ. ਮੋਹਨ ਸਿੰਘ ਦੀਵਾਨਾ ਕਲਕੱਤਾ ਯੂਨੀਵਰਸਿਟੀ ਤੋਂ ਪੰਜਾਬੀ ਸਾਹਿਤ ’ਤੇ ਪੀਐੱਚ.ਡੀ. ਅਤੇ ਪੀਯੂ, ਲਾਹੌਰ ਤੋਂ ਡੀ.ਲਿਟ. ਕਰਨ ਵਾਲੇ ਪਹਿਲੇ ਵਿਅਕਤੀ ਸਨ।
– ਯੂਨੀਵਰਸਿਟੀ ਦੇ 134 ਸਾਲਾਂ ਦੇ ਇਤਿਹਾਸ ਵਿੱਚ ਜਸਟਿਸ ਤੇਜਾ ਸਿੰਘ ਇੱਕੋ ਇੱਕ ਸਿੱਖ ਸਨ ਜਿਸ ਨੇ ਇਸ ਦੇ ਉਪ ਕੁਲਪਤੀ ਦਾ ਅਹੁਦਾ ਸੰਭਾਲਿਆ।
– ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪ੍ਰੋਫ਼ੈਸਰ ਬੀ.ਐੱਨ. ਗੋਸਵਾਮੀ ਨੇ ਐੱਮ.ਏ. ਇਕਨੌਮਿਕਸ ਅਤੇ ਇਤਿਹਾਸ ਵਿੱਚ ਸਭ ਤੋਂ ਵੱਧ ਅੰਕ ਹਾਸਲ ਕਰਨ ਦਾ ਰਿਕਾਰਡ ਬਣਾਇਆ।
– ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਸ਼ਾਇਰ ਇਕਬਾਲ ਅਤੇ ਫ਼ੈਜ਼, ਬਲਰਾਜ ਤੇ ਭੀਸ਼ਮ ਸਾਹਨੀ ਅਤੇ ਵਿਗਿਆਨੀ ਸਤੀਸ਼ ਧਵਨ ਵੀ ਪੀਯੂ, ਲਾਹੌਰ ਹੇਠ ਆਉਂਦੇ ਸਰਕਾਰੀ ਕਾਲਜ, ਲਾਹੌਰ ਦੇ ਪੁਰਾਣੇ ਵਿਦਿਆਰਥੀ ਸਨ।
– ਲੇਖਕ ਜੇਐੱਨਯੂ, ਨਵੀਂ ਦਿੱਲੀ ਤੋਂ ਸੇਵਾਮੁਕਤ ਪ੍ਰੋਫ਼ੈਸਰ ਹੈ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s